Aug 22, 2012

'ਯਾਦ '


'ਯਾਦ '
ਹਰ ਵੇਲੇ
ਲਾਂਬੂ ਤੇਰੀ ਯਾਦ ਵਾਲਾ
ਅੜਿਆ ਵੇ
ਅੱਖਾਂ ਸਾਡੀਆਂ
ਦੇ ਵਿਚ ਮਚੇ ....
ਤੇਰੇ ਬਾਝੋਂ ਦੀਦਿਆਂ
ਨੂੰ ਕੋਈ ਨਾ ਹੀ
ਭਾਵੇ ਵੇ
ਨਾ ਹੀ ਸਾੰਨੂ ਹੋਰ
ਕੋਈ ਜਚੇ .......
ਚੋਰੀ ਛੁੱਪੇ ਤੱਕ
ਲਵੇ ਜੋ ਵੀ
ਤੇਰੀ ਲਾਟ ਨੂੰ
ਕਿੱਦਾਂ ਫਿਰ
ਤਾਬ ਤੋਂ ਬਚੇ .....
ਪੀੜ ਵੀ ਨਿਮਾਣੀ
ਸਾਡੇ ਦਿਲ ਵਾਲੀ
ਲੱਗਦੀ ਵੇ
ਦਿਲ ਸਾਡੇ ਵਿਚ
ਹੀ ਰਚੇ .......
ਕੌਣ ਆ ਕੇ ਹੁਣ
ਮੇਰੇ ਵਾਲਾਂ ਨੂੰ
ਸਵਾਰੇ ਵੇ ....
ਕਿਹੜਾ ਹੁਣ
ਸ਼ੀਸ਼ੇ ਮੋਹਰੇ ਜਚੇ .....
ਹਰ ਵੇਲੇ
ਲਾਂਬੂ ਤੇਰੀ ਯਾਦ ਵਾਲਾ
ਮਾਹੀਆ ਵੇ
ਅੱਖਾਂ ਸਾਡੀਆਂ
ਦੇ ਵਿਚ ਮਚੇ ......ਲਾਲੀ
 

" ਗ਼ਜ਼ਲ" -ਜਦ ਵੀ ਸੱਜਣ

Pic from wikipedia.
" ਗ਼ਜ਼ਲ" 

ਜਦ ਵੀ ਸੱਜਣ ਨੇੜੇ ਨੇੜੇ ਲਗਦੇ ਨੇ ।
ਲੱਖਾਂ ਜੁਗਨੂੰ ਖਾਬਾਂ ਅੰਦਰ ਸਜਦੇ ਨੇ॥1

ਰੋਸ਼ਨ ਹੁੰਦਾ ਹੈ ਹਰ ਕੋਨਾ ਵਿਹੜੇ ਦਾ ।
ਸੱਜਣ ਪੈਰ ਜਦੋ ਵਿਹੜੇ ਵਿਚ ਧਰਦੇ ਨੇ॥ 2

ਲੰਮ ਸਲੰਮੀ ਨਾਲ ਮਿਰੇ ਜਦ ਟੁਰਦੀ ਹੈ ।
ਕਿੰਨੇ ਦੀਪਕ ਰਾਹਾਂ ਦੇ ਵਿਚ ਬਲਦੇ ਨੇ ॥ 3

ਝਕਦੇ ਝਕਦੇ ਨੇੜੇ ਜਦ ਉਹ ਆਉਂਦੇ ਨੇ
ਰੁਕ ਰੁਕ ਕੇ ਫਿਰ ਸਾਹ ਵੀ ਮੇਰੇ ਚਲਦੇ ਨੇ ॥ 4

ਰਾਹਾਂ ਜਾ ਕੇ ਮਿਲੀਆਂ ਹਨ ਵਿਚ ਰਾਹਾਂ ਦੇ ।
ਕੰਢੇ ਨੇ ਜੋ ਅਪਣੀ ਥਾਂ ਨਾ ਛਡਦੇ ਨੇ ॥ 5

ਕੀ ਬਸਤੀ ਤੇ ਕੀ ਹੈ ਕਬਰਿਸਤਾਨ ਕੁੜੇ ।
ਆਸ਼ਿਕ਼ ਨਾ ਹੁਣ ਜਿਉਂਦੇ ਨਾ ਹੁਣ ਮਰਦੇ ਨੇ ॥ 6

ਜਦ ਵੀ ਤੇਰਾ ਚੇਤਾ ਮੈੰਨੂ ਆਇਆ ਹੈ ।
'ਲਾਲੀ' ਵਰਗੇ ਲੰਮੇ ਹੌਕੇ ਭਰਦੇ ਨੇ ॥७

" ਗ਼ਜ਼ਲ"




" ਗ਼ਜ਼ਲ"

ਹੁਣ ਨਾ ਸਾਡੇ ਵਿਹੜੇ ਦੇ ਵਿਚ ਆਵਣ ਠੰਡੀਆਂ ਛਾਵਾਂ ।
ਹਰ ਪਾਸੇ ਨੇ ਤੱਤੀਆਂ ਧੁੱਪਾਂ , ਤਿੱਖੀਆਂ ਤੇਜ਼ ਹਵਾਵਾਂ ॥

ਨਾ ਸੋਚਾਂ ਨੂੰ ਬੂਰ ਪਿਆ ਹੈ ਤੇ ਨਾ ਹੀ ਮੌਲੇ ਪੱਤੇ ।
ਜੰਗਲ ਦੇ ਸੁੱਕੇ ਰੁੱਖਾਂ ਦੀ ਮੈਂ ਕੀਕਣ ਖੈਰ ਮਨਾਵਾਂ ॥

ਆਪਣੇ ਪੈਰੀਂ ਆਪ ਕੁਹਾੜਾ ਮਾਰਨ ਜਿਸ ਬਸਤੀ ਦੇ ਲੋਕ ।
ਉਸ ਬਸਤੀ ਵਿਚ ਹਾਸੇ ਠੱਠੇ ਮੈਂ ਵੰਡਣ ਕਿੱਦਾਂ ਜਾਵਾਂ ॥

ਪਰਦੇਸਾਂ ਵਿਚ ਪੂਰਨ ਪੁੱਤ ਭਟਕਣ ਰੋਜ਼ੀ ਰੋਟੀ ਖਾਤਿਰ ।
ਪਿੱਛੇ ਦੇਸ਼ 'ਚ ਰੁਲ ਗਈਆਂ ਨੇ ਇਛਰਾ ਵਰਗੀਆਂ ਮਾਵਾਂ ॥

ਕੰਧਾਂ ਹੀ ਕੰਧਾਂ ਨੇ ਇਥੇ , ਦਮ ਘੁਟਦਾ ਹੈ ਘਰ ਅੰਦਰ ।
ਦਿਲ ਕਰਦਾ ਹੈ ਕੰਧਾਂ ਦੇ ਅੰਦਰ ਰੋਸ਼ਨ ਦਾਨ ਬਣਾਵਾਂ ॥

ਜੋ ਰੁਖ ਵਧਦੇ ਵਧਦੇ' ਲਾਲੀ 'ਹੱਦੋਂ ਵਧ ਲੰਮੇ ਹੋ ਜਾਵਣ ।
ਪਰਛਾਵਾਂ ਹੁੰਦਾ ਹੈ ਉਹਨਾਂ ਦਾ ਪਰ ਹੋਣ ਨਾ ਠੰਡੀਆਂ ਛਾਵਾਂ ॥

ਕਿੰਨਾ ਪਾਕ ਪਵਿੱਤਰ ਰਿਸ਼ਤਾ ਦੋ ਪਲ ਵਿਚ ਬਣਦਾ 'ਲਾਲੀ ' ।
ਸਾਰੀ ਉਮਰ ਨਿਭਾਉਣੀ ਪੈਂਦੀ ਹੈ ਲੈ ਕੇ ਚਾਰ ਕੁ ਲਾਵਾਂ ॥