Aug 22, 2012

" ਗ਼ਜ਼ਲ"

" ਗ਼ਜ਼ਲ"

ਤੁਰਿਆਂ ਜੇ ਸਫਰ ਤੇ ਤੂੰ ਚਾਹਾਂ ਦੇ ਕਰਕੇ ।
ਮੰਜਿਲ ਤੋਂ ਨਾ ਭਟਕੀ ਰਾਹਾਂ ਦੇ ਕਰਕੇ ॥

ਫਾਂਸੀ ਤੇ ਚੜਨਾ ਤਾਂ ਹਸ ਹਸ ਕੇ ਚੜਨਾ ।
ਹਿੰਮਤ ਨਾ ਹਾਰੀੰ ਤੂੰ ਸਾਹਾਂ ਦੇ ਕਰਕੇ ॥

ਸੂਰਜ ਤਾਂ ਵੰਡੇ ਸਭ ਨੂੰ ਧੁੱਪ 
ਬਰਾਬਰ  ।

ਸਾਡੇ ਘਰ ਨਾ ਪੁਜਦੀ ਸ਼ਾਹਾਂ ਦੇ ਕਰਕੇ ॥

ਮੰਜਿਲ ਦੇ ਕੋਲੋਂ ਉਹ ਮੁੜਿਆ ਹਰ ਵਾਰੀ ।
ਪਿੱਛੋਂ ਸੁਣ ਰਹੀਆਂ ਕੁਝ ਆਹਾਂ ਦੇ ਕਰਕੇ॥

ਚਿੰਗਾਰੀ ਸੀ ਅਪਣੀ ਪਿਆਰ ਕਹਾਣੀ ਜੋ।
ਭਾਂਬੜ ਹੋ ਨਿਬ੍ਹੜੀ ਅਫਵਾਹਾਂ ਦੇ ਕਰਕੇ ॥

ਸ਼ਾਇਦ ਮੈਂ ਫੜ ਲੈਂਦਾ ਬਾਂਹ ਤੇਰੀ ਸਜਣਾ ।
ਡਰਿਆ ਸੀ ਮੈਂ ਚੰਦ ਨਿਗਾਹਾਂ ਦੇ ਕਰਕੇ ॥

ਮਾੜਾ ਸੀ ਬੰਦਾ ਹੁਣ' ਬਾਬਾ ' ਹੈ ਬਣਿਆ ।
ਮੰਦਿਰ , ਮਸਜਿਦ ਤੇ ਦਰਗਾਹਾਂ ਦੇ ਕਰਕੇ ॥

ਬਦਨੀਤ ਅਗਰ ਹੁੰਦੇ ਗਮ ਨਾ ਹੋਣਾ ਸੀ ।
ਡੁੱਬੇ ਬੇੜੇ ਨੇਕ ਮਲਾਹਾਂ ਦੇ ਕਰਕੇ ॥

'ਲਾਲੀ' ਤੇਰਾ ਸੱਚ ਅਦਾਲਤ ਦੇ ਅੰਦਰ ।
ਹਰਿਆ ਝੂਠੇ ਚੰਦ ਗਵਾਹਾਂ ਦੇ ਕਰਕੇ॥

ਹੁਣ ਮੇਰੇ ਇਸ ਹਾਲ ਦੀ


ਹੁਣ ਮੇਰੇ ਇਸ ਹਾਲ ਦੀ
ਕਿਹੜਾ ਗਵਾਹੀ ਭਰੇਗਾ ..................
ਮੇਰਿਆਂ ਹੰਝੂਆਂ ਤੋਂ ਹੁਣ
ਕਾਫ਼ਿਰ ਸਿਆਹੀ ਭਰੇਗਾ
ਤੁਬਕਾ ਤੁਬਕਾ ਲੈ ਕੇ
ਫਿਰ ਮੇਰੇ ਉੱਤੇ ਹੀ ਵਰੇਗਾ
ਹੁਣ ਮੇਰੇ ਇਸ ਹਾਲ ਦੀ ..................

ਹੁਣ ਮੇਰੇ ਇਸ ਹਾਲ ਨੂੰ
ਬੇਹਾਲ ਓਹੀਓ ਕਰੇਗਾ
ਹਾੜ ਦੀ ਤੱਪਦੀ ਹਵਾ ਚ
ਤਨੋਂ ਮਨੋਂ ਜੋ ਠਰੇਗਾ
ਮੇਰੇ ਮਨ ਦੀ ਸੂਰਤ ਨੂੰ
ਜੋ ਆਪ ਹੱਥੀਂ ਘੜੇਗਾ ........
ਹੁਣ ਮੇਰੇ ਇਸ ਹਾਲ ਦੀ ..................

ਚੰਨ ਜੇਹੀ ਸੂਰਤ ਨੂੰ ਟੋਲ
ਮੀਰਾ ਦੀ ਸੀਰਤ ਲਿਆ
ਫੁੱਲਾਂ ਨੂੰ ਗੁੰਦ ਵਾਲਾਂ ਵਿਚ
ਤਾਰਿਆਂ ਨੂੰ ਸਿਰ ਜੜਾ
ਕੁਝ ਵੀ ਕਰ ਲੈ ਮਗਰ
ਓਸ ਮੋਹਰੇ ਕੀਕਣ ਖੜੇੰਗਾ
ਹੁਣ ਮੇਰੇ ਇਸ ਹਾਲ ਦੀ ..................

ਹੁਣ ਮੇਰੇ ਇਸ ਹਾਲ ਦੀ
ਕਿਹੜਾ ਗਵਾਹੀ ਭਰੇਗਾ .................

"ਗੀਤ " ਅੱਜ ਚੰਗੀ ਚੰਗੀ ਲੱਗੀ

"ਗੀਤ "

ਅੱਜ ਚੰਗੀ ਚੰਗੀ ਲੱਗੀ , ਮੈੰਨੂ ਇੱਕ ਕੁੜੀ ,
ਮੇਰੇ ਰੰਗ ਰੰਗੀ ਲੱਗੀ , ਮੈੰਨੂ ਇੱਕ ਕੁੜੀ 

ਸੂਹਾ ਸ਼ਾਲੂ ਉਹਦਾ ਕਿਸੇ ਚੀਰ ਸੁੱਟਿਆ ,
ਤੀਲਾ ਤੀਲਾ ਆਲਣੇ ਦਾ ਕਿਸੇ ਲੁੱਟਿਆ ,
ਖੁੱਲੀ ਕਦੇ ਸੰਗੀ ਲੱਗੀ , ਮੈੰਨੂ ਇੱਕ ਕੁੜੀ
ਅੱਜ ਚੰਗੀ ਚੰਗੀ ਲੱਗੀ ...................!!

ਨੇਰੀਆਂ ਨੇ ਘਰ ਉਹਦਾ ਹੈ ਉਜਾੜਿਆ ,
ਪੱਤਾ ਪੱਤਾ ਰੂਹ ਵਾਲਾ ਕਿਸੇ ਸਾੜਿਆ ,
ਕੰਡਿਆਂ ਤੇ ਟੰਗੀ ਲੱਗੀ , ਮੈਨੂੰ ਇੱਕ ਕੁੜੀ
ਅੱਜ ਚੰਗੀ ਚੰਗੀ ਲੱਗੀ ...................!!

ਸੱਚ ਸਾਫ਼ ਸਾਫ਼ ਬੋਲੇ ਬਿਨਾ ਡਰ ਤੋਂ
ਨੇਕੀ ਤੇ ਈਮਾਨ ਵਾਲੀ ਹੈ ਜੋ ਘਰ ਤੋਂ
ਝੂਠ ਲੜ ਮੰਗੀ ਲੱਗੀ , ਮੈੰਨੂ ਇੱਕ ਕੁੜੀ ,............

ਰੂਹ ਵਾਲਾ ਰਿਸ਼ਤਾ ਪਿਆਰਾ ਵਾਲਾ ਹੈ
ਭਾਵੇਂ ਰੰਗ ਗੋਰਾ , ਭੂਰਾ , ਭਾਵੇਂ ਕਾਲਾ ਹੈ
ਇਸ਼ਕੇ ਦੀ ਡੰਗੀ ਲੱਗੀ , ਮੈਨੂੰ ਇੱਕ ਕੁੜੀ ............
ਅੱਜ ਚੰਗੀ ਚੰਗੀ ਲੱਗੀ , ਮੈੰਨੂ ਇੱਕ ਕੁੜੀ ,............

ਅੱਜ ਚੰਗੀ ਚੰਗੀ ਲੱਗੀ , ਮੈੰਨੂ ਇੱਕ ਕੁੜੀ ,

ਮੇਰੇ ਰੰਗ ਰੰਗੀ ਲੱਗੀ , ਮੈੰਨੂ ਇੱਕ ਕੁੜੀ ...ਲਾਲੀ