Aug 22, 2012

" ਗ਼ਜ਼ਲ" -ਜਦ ਵੀ ਸੱਜਣ

Pic from wikipedia.
" ਗ਼ਜ਼ਲ" 

ਜਦ ਵੀ ਸੱਜਣ ਨੇੜੇ ਨੇੜੇ ਲਗਦੇ ਨੇ ।
ਲੱਖਾਂ ਜੁਗਨੂੰ ਖਾਬਾਂ ਅੰਦਰ ਸਜਦੇ ਨੇ॥1

ਰੋਸ਼ਨ ਹੁੰਦਾ ਹੈ ਹਰ ਕੋਨਾ ਵਿਹੜੇ ਦਾ ।
ਸੱਜਣ ਪੈਰ ਜਦੋ ਵਿਹੜੇ ਵਿਚ ਧਰਦੇ ਨੇ॥ 2

ਲੰਮ ਸਲੰਮੀ ਨਾਲ ਮਿਰੇ ਜਦ ਟੁਰਦੀ ਹੈ ।
ਕਿੰਨੇ ਦੀਪਕ ਰਾਹਾਂ ਦੇ ਵਿਚ ਬਲਦੇ ਨੇ ॥ 3

ਝਕਦੇ ਝਕਦੇ ਨੇੜੇ ਜਦ ਉਹ ਆਉਂਦੇ ਨੇ
ਰੁਕ ਰੁਕ ਕੇ ਫਿਰ ਸਾਹ ਵੀ ਮੇਰੇ ਚਲਦੇ ਨੇ ॥ 4

ਰਾਹਾਂ ਜਾ ਕੇ ਮਿਲੀਆਂ ਹਨ ਵਿਚ ਰਾਹਾਂ ਦੇ ।
ਕੰਢੇ ਨੇ ਜੋ ਅਪਣੀ ਥਾਂ ਨਾ ਛਡਦੇ ਨੇ ॥ 5

ਕੀ ਬਸਤੀ ਤੇ ਕੀ ਹੈ ਕਬਰਿਸਤਾਨ ਕੁੜੇ ।
ਆਸ਼ਿਕ਼ ਨਾ ਹੁਣ ਜਿਉਂਦੇ ਨਾ ਹੁਣ ਮਰਦੇ ਨੇ ॥ 6

ਜਦ ਵੀ ਤੇਰਾ ਚੇਤਾ ਮੈੰਨੂ ਆਇਆ ਹੈ ।
'ਲਾਲੀ' ਵਰਗੇ ਲੰਮੇ ਹੌਕੇ ਭਰਦੇ ਨੇ ॥७

" ਗ਼ਜ਼ਲ"




" ਗ਼ਜ਼ਲ"

ਹੁਣ ਨਾ ਸਾਡੇ ਵਿਹੜੇ ਦੇ ਵਿਚ ਆਵਣ ਠੰਡੀਆਂ ਛਾਵਾਂ ।
ਹਰ ਪਾਸੇ ਨੇ ਤੱਤੀਆਂ ਧੁੱਪਾਂ , ਤਿੱਖੀਆਂ ਤੇਜ਼ ਹਵਾਵਾਂ ॥

ਨਾ ਸੋਚਾਂ ਨੂੰ ਬੂਰ ਪਿਆ ਹੈ ਤੇ ਨਾ ਹੀ ਮੌਲੇ ਪੱਤੇ ।
ਜੰਗਲ ਦੇ ਸੁੱਕੇ ਰੁੱਖਾਂ ਦੀ ਮੈਂ ਕੀਕਣ ਖੈਰ ਮਨਾਵਾਂ ॥

ਆਪਣੇ ਪੈਰੀਂ ਆਪ ਕੁਹਾੜਾ ਮਾਰਨ ਜਿਸ ਬਸਤੀ ਦੇ ਲੋਕ ।
ਉਸ ਬਸਤੀ ਵਿਚ ਹਾਸੇ ਠੱਠੇ ਮੈਂ ਵੰਡਣ ਕਿੱਦਾਂ ਜਾਵਾਂ ॥

ਪਰਦੇਸਾਂ ਵਿਚ ਪੂਰਨ ਪੁੱਤ ਭਟਕਣ ਰੋਜ਼ੀ ਰੋਟੀ ਖਾਤਿਰ ।
ਪਿੱਛੇ ਦੇਸ਼ 'ਚ ਰੁਲ ਗਈਆਂ ਨੇ ਇਛਰਾ ਵਰਗੀਆਂ ਮਾਵਾਂ ॥

ਕੰਧਾਂ ਹੀ ਕੰਧਾਂ ਨੇ ਇਥੇ , ਦਮ ਘੁਟਦਾ ਹੈ ਘਰ ਅੰਦਰ ।
ਦਿਲ ਕਰਦਾ ਹੈ ਕੰਧਾਂ ਦੇ ਅੰਦਰ ਰੋਸ਼ਨ ਦਾਨ ਬਣਾਵਾਂ ॥

ਜੋ ਰੁਖ ਵਧਦੇ ਵਧਦੇ' ਲਾਲੀ 'ਹੱਦੋਂ ਵਧ ਲੰਮੇ ਹੋ ਜਾਵਣ ।
ਪਰਛਾਵਾਂ ਹੁੰਦਾ ਹੈ ਉਹਨਾਂ ਦਾ ਪਰ ਹੋਣ ਨਾ ਠੰਡੀਆਂ ਛਾਵਾਂ ॥

ਕਿੰਨਾ ਪਾਕ ਪਵਿੱਤਰ ਰਿਸ਼ਤਾ ਦੋ ਪਲ ਵਿਚ ਬਣਦਾ 'ਲਾਲੀ ' ।
ਸਾਰੀ ਉਮਰ ਨਿਭਾਉਣੀ ਪੈਂਦੀ ਹੈ ਲੈ ਕੇ ਚਾਰ ਕੁ ਲਾਵਾਂ ॥

"ਧਾਰਮਿਕ"



"ਧਾਰਮਿਕ"

ਕਾਸ਼ ਮੈਂ ਇੰਨਾ ਕੁ 
ਧਾਰਮਿਕ ਹੋ 
ਜਾਵਾਂ ਕਿ ਹਰ ਧਰਮ 

ਮੈਨੂੰ ਆਪਣਾ ਹੀ ਲੱਗੇ ...
ਪਰ ਮੈਂ ਸਿਰਫ ਇੰਨਾ
ਕੁ ਹੀ ਧਾਰਮਿਕ ਹਾਂ
ਕਿ ਮੈਨੂੰ ਸਿਰਫ
ਆਪਣਾ ਧਰਮ ਤਾਂ
ਧਰਮ ਲੱਗਦਾ ਹੈ
ਤੇ ਬਾਕੀ ਸਭ ਕੁਝ
ਅਧਰਮ 

"ਮੂਕ ਦਰਸ਼ਕ "

"ਮੂਕ ਦਰਸ਼ਕ "

ਮੂਕ ਦਰਸ਼ਕ ਜੀ ...ਹਾਂ 
ਮੈਂ ਹਾਂ ਇੱਕ ਮੂਕ ਦਰਸ਼ਕ 
ਆਲੇ -ਦੁਆਲੇ ਤੋਂ ਬੇਖ਼ਬਰ 

ਬਸ ਇੱਕ ਮੂਕ ਦਰਸ਼ਕ ....
ਮੇਰੀ ਮੇਰੇ ਅੰਦਰ ਨਾਲ
ਰੋਜ਼ ਹੀ ਕਿੰਨੀ ਲੜਾਈ
ਹੁੰਦੀ ਹੈ ਪਰ ਫਿਰ
ਵੀ ਮੈਂ ਹੋ ਜਾਣਾ ਹਾਂ
ਮੂਕ ਦਰਸ਼ਕ ....
ਮੇਰੇ ਆਸੇ ਪਾਸੇ ਦੇ
ਪਾਤਰ ਕੈਸੇ ਕੈਸੇ
ਦਰਿਸ਼ ਪੇਸ਼ ਕਰਦੇ ਨੇ
ਪਰ ਫਿਰ ਵੀ ਮੈਂ ਹਾਂ
ਮੂਕ ਦਰਸ਼ਕ ....
ਮੇਰੀਆਂ ਅਖਾਂ ਤੋਂ ਜਦ
ਇਹ ਸਭ ਕੁਝ ਮੇਰੇ ਦਿਲ
ਤੱਕ ਲਹਿੰਦਾ ਹੈ ਤਾਂ
ਸ਼ੁਰੂ ਹੋ ਜਾਂਦਾ ਹੈ
ਆਤਮ-ਦਵੰਦ ...
ਪਰ ਮੈਂ ਬੋਲਦਾ ਨਹੀਂ ...
ਬਸ ਮੂਕ ਦਰਸ਼ਕ
ਜਿਵੇਂ ਕਿਸੇ ਨਿਰਦੇਸ਼ਕ ਨੇ
ਸਕਰਿਪਟ ਮੇਰੇ ਹਥ
ਫੜਾ ਦਿੱਤੀ ਹੋਵੇ
ਪਰ ਵਿਚ ਡਾਇਲੋਗ ....
ਕੋਈ ਵੀ ਨਾ ਹੋਵੇ
ਮੈਂ ਬਸ ਰਹਾਂ ਇੱਕ
ਮੂਕ ਦਰਸ਼ਕ !!
ਜਦੋਂ ਮੈਂ ਸਿਰਫ ਮੂਕ
ਦਰਸ਼ਕ ਹੀ ਹਾਂ ਤਾਂ
ਫਿਰ ਆਪਣੇ ਆਪ ਨਾਲ
ਦਵੰਦ ਕਿਉਂ ....
ਫਿਰ ਕੋਈ ਮੈਨੂੰ
ਤਾਕੀਦ ਕਰਦਾ ਹੈ ...
ਨਹੀਂ ਤੂੰ ਚੁੱਪ ਹੀ ਰਹਿ
ਬਣ ਕੇ ਰਹਿ ਬਸ
ਇੱਕ ਮੂਕ ਦਰਸ਼ਕ ...
ਤੇਰੀ ਭਾਸ਼ਾ ਇਹਨਾਂ ਨੂੰ
ਤੇ ਉਹਨਾਂ ਦੀ ਭਾਸ਼ਾ
ਤੈਨੂੰ ਸਮਝ ਨਹੀਂ ਆਉਣੀ ....
ਬਸ ਇੱਕ ਮੂਕ ਦਰਸ਼ਕ ..
ਲਾਲੀ
ਸਤਾਈ ਜੁਲਾਈ ਦੋ ਹਜ਼ਾਰ ਬਾਰਾਂ

"ਨਜ਼ਮ -ਆਜ਼ਾਦੀ "




"ਨਜ਼ਮ -ਆਜ਼ਾਦੀ "

ਉਹ ਕਿਸੇ ਮਰਮਰੀ ਅੰਗ ਵਰਗੀ 
ਅਸੀਂ ਕੱਜਲ ਸਿਆਹ ਤੇ ਖਾਕ ਜੇਹੇ 
ਅਸੀਂ ਹੰਢੇ ਵਰਤੇ ਵਕਤਾਂ ਦੇ 
ਉਹ ਕੋਰੀ ਪਵਿੱਤਰ ਪਾਕ ਜੇਹੀ 

ਉਹ ਤੁਰਦੀ ਜਦ ਤਾਂ ਵਕਤਾਂ ਦੇ
ਪੈਰਾਂ ਵਿਚ ਬੇੜੀ ਪਾ ਦੇਵੇ
ਇੱਕ ਭੈੜੀ ਨਿਗਾਹ ਲੁਟੇਰੇ ਦੀ
ਕਿਸੇ ਚੰਦਰੇ ਮਾੜੇ ਸਾਕ ਜੇਹੀ

ਅਸੀਂ ਪਾ ਜੰਜੀਰਾਂ ਜੰਮੇ ਜੀ
ਸਾਡੀ ਪੁੱਛੇ ਕਿਹੜਾ ਬਾਤ ਇੱਥੇ
ਉਹ ਵੱਸਦੀ ਕਿਧਰੇ ਹੋਰ ਰਹੀ
ਅਸੀਂ ਲੱਭਦੇ ਰਹੇ ਦਿਨ ਰਾਤਇੱਥੇ

ਕੁਝ ਪਾਗਲ ਕੀਤਾ ਸਮਿਆਂ ਨੇ
ਕੁਝ ਅਸੀਂ ਸ਼ੁਧਾਈ ਹੋਏ ਹਾਂ
ਉਹ ਲੰਘਦੇ ਰਹੇ ਲਿਤਾੜ ਸਾਨੂੰ
ਉਂਝ ਸਾਡੀ ਮਾਨਸ ਜਾਤ ਇੱਥੇ

ਅਸੀਂ ਰਹਿਣਾ ਚਾਹੀਏ ਬੰਧਨਾਂ ਚ
ਹੈ ਢਾਡਾ ਹੀ ਕਮਾਲ ਇੱਥੇ
ਉਹ ਢਾਹੁੰਦੇ ਰਹੇ , ਅਸੀਂ ਡਿੱਗਦੇ ਰਹੇ
ਹੈ ਸਮੇਂ ਦੀ ਟੇਢੀ ਚਾਲ ਇੱਥੇ

ਜਾਂ ਅਸੀਂ ਹੀ ਹਾਂ ਕਮਜ਼ੋਰ ਬੜੇ
ਜਾਂ ਉਹ ਹੀ ਜ਼ਾਲਿਮ ਬਾਹਲੇ ਨੇ
ਜੇ ਉਹਨਾਂ ਤੇ ਕੋਈ ਜ਼ੁਲਮ ਕਰੇ
ਅਸੀਂ ਬਣਦੇ ਰਹੇ ਹਾਂ ਢਾਲ ਇੱਥੇ

ਸਾਨੂੰ ਰੋਟੀ ਤੋਂ ਹੀ ਵੇਹਲ ਨਹੀਂ
ਉਹ ਲੁੱਟਣ ਚ ਮਸਰੂਫ ਰਹੇ
ਕਦ ਤੀਕ ਇਹ ਚੱਕਰ ਚਲੂਗਾ
ਲੰਘੇ ਦਿਨ ਮਹੀਨਾ ਸਾਲ ਇੱਥੇ

ਆਓ ਤੁਰੀਏ ਸਾਰੇ ਰਲ ਕੇ ਜੀ
ਉਸਨੂੰ ਫਿਰ ਮੋੜ ਲਿਆਈਏ ਜੀ
ਫਿਰ ਕਰੀਏ ਲੋਕਾ ਅਰਪਣ ਜੀ
ਫਿਰ ਕਰੀਏ ਕੋਈ ਕਮਾਲ ਇੱਥੇ
ਲਾਲੀ

"ਫਿਰ ਜੀ ਕਰੇ "


"ਫਿਰ ਜੀ ਕਰੇ "

ਫਿਰ ਜੀ ਕਰੇ
ਮੈਂ ਆਪਣੇ ਪਿੰਡ...
ਘਰ ਦੇ ਬਾਹਰ
ਤੂਤ ਦੀ ਛਾਵੇਂ
ਸ਼ਿਖਰ ਦੁਪਿਹਰੇ
ਟੁੱਟੀ ਜਿਹੀ ਮੰਜੀ ਉੱਤੇ
ਜਿਹਦੀ ਪੈੰਦ ਵੀ ਢਿੱਲੀ
ਹੋ ਗਈ ਹੋਵੇ
ਆਪਣੇ ਸਿਰ ਥੱਲੇ ਬਾਂਹ ਰਖ ਕੇ
ਘੂਕ ਸੁੱਤਾ ਪਿਆ ਹੋਵਾਂ ......
ਤੇ ਨੇੜਿਓਂ ਹੀ ਕੋਈ ਬੰਦਾ
ਸਾਇਕਲ ਤੋਂ ਬਿਨਾ ਉੱਤਰੇ
ਥੱਲੇ ਪੈਰ ਲਾ ਕੇ ..
ਘੰਟੀ ਮਾਰ ਕੇ ਮੈਨੂੰ ਪੁਛੇ
"ਭਾਉ , ਮਾਸਟਰਾਂ ਦਾ ਘਰ ਕਿਹੜਾ ?"