Aug 22, 2012

" ਗ਼ਜ਼ਲ"




" ਗ਼ਜ਼ਲ"

ਹੁਣ ਨਾ ਸਾਡੇ ਵਿਹੜੇ ਦੇ ਵਿਚ ਆਵਣ ਠੰਡੀਆਂ ਛਾਵਾਂ ।
ਹਰ ਪਾਸੇ ਨੇ ਤੱਤੀਆਂ ਧੁੱਪਾਂ , ਤਿੱਖੀਆਂ ਤੇਜ਼ ਹਵਾਵਾਂ ॥

ਨਾ ਸੋਚਾਂ ਨੂੰ ਬੂਰ ਪਿਆ ਹੈ ਤੇ ਨਾ ਹੀ ਮੌਲੇ ਪੱਤੇ ।
ਜੰਗਲ ਦੇ ਸੁੱਕੇ ਰੁੱਖਾਂ ਦੀ ਮੈਂ ਕੀਕਣ ਖੈਰ ਮਨਾਵਾਂ ॥

ਆਪਣੇ ਪੈਰੀਂ ਆਪ ਕੁਹਾੜਾ ਮਾਰਨ ਜਿਸ ਬਸਤੀ ਦੇ ਲੋਕ ।
ਉਸ ਬਸਤੀ ਵਿਚ ਹਾਸੇ ਠੱਠੇ ਮੈਂ ਵੰਡਣ ਕਿੱਦਾਂ ਜਾਵਾਂ ॥

ਪਰਦੇਸਾਂ ਵਿਚ ਪੂਰਨ ਪੁੱਤ ਭਟਕਣ ਰੋਜ਼ੀ ਰੋਟੀ ਖਾਤਿਰ ।
ਪਿੱਛੇ ਦੇਸ਼ 'ਚ ਰੁਲ ਗਈਆਂ ਨੇ ਇਛਰਾ ਵਰਗੀਆਂ ਮਾਵਾਂ ॥

ਕੰਧਾਂ ਹੀ ਕੰਧਾਂ ਨੇ ਇਥੇ , ਦਮ ਘੁਟਦਾ ਹੈ ਘਰ ਅੰਦਰ ।
ਦਿਲ ਕਰਦਾ ਹੈ ਕੰਧਾਂ ਦੇ ਅੰਦਰ ਰੋਸ਼ਨ ਦਾਨ ਬਣਾਵਾਂ ॥

ਜੋ ਰੁਖ ਵਧਦੇ ਵਧਦੇ' ਲਾਲੀ 'ਹੱਦੋਂ ਵਧ ਲੰਮੇ ਹੋ ਜਾਵਣ ।
ਪਰਛਾਵਾਂ ਹੁੰਦਾ ਹੈ ਉਹਨਾਂ ਦਾ ਪਰ ਹੋਣ ਨਾ ਠੰਡੀਆਂ ਛਾਵਾਂ ॥

ਕਿੰਨਾ ਪਾਕ ਪਵਿੱਤਰ ਰਿਸ਼ਤਾ ਦੋ ਪਲ ਵਿਚ ਬਣਦਾ 'ਲਾਲੀ ' ।
ਸਾਰੀ ਉਮਰ ਨਿਭਾਉਣੀ ਪੈਂਦੀ ਹੈ ਲੈ ਕੇ ਚਾਰ ਕੁ ਲਾਵਾਂ ॥

No comments:

Post a Comment