Sep 23, 2012

" ਗ਼ਜ਼ਲ"


" ਗ਼ਜ਼ਲ"

ਏਦਾਂ ਕਾਹਤੋਂ ਕਰਦੇ ਬੰਦੇ ।
ਇਕ ਦੂਜੇ ਤੋਂ ਡਰਦੇ ਬੰਦੇ ॥

ਐਨਕ ਲਾ ਕੇ ਮਿਲਦੇ ਨੇ ਹੁਣ ।
ਅੱਖ ਮਿਲਾਉਂਣੋ ਡਰਦੇ ਬੰਦੇ ॥

ਸੱਚੇ ਵੀ ਹੁਣ ਝੂਠੇ ਲੱਗਣ ।
ਪਾਣੀ ਝੂਠ ਦਾ ਭਰਦੇ ਬੰਦੇ ॥

ਜਿਉਂਦੇ ਵੀ ਇਹ ਮਰਿਆਂ ਵਰਗੇ ।
ਬਰਫਾਂ ਜੀਕਣ ਖਰਦੇ ਬੰਦੇ ॥

ਕੁੱਤੇ ਸੋਂਦੇ ਸੋਫੇ ਉੱਤੇ ।
ਬਾਹਰ ਨੇ ਕੁਝ ਠਰਦੇ ਬੰਦੇ ॥

ਚਾਂਦੀ ਦੀ ਜੁੱਤੀ ਖਾ ਕੇ ਹੀ ।
ਫ਼ਾਇਲ ਅੱਗੇ ਕਰਦੇ ਬੰਦੇ ॥

ਮੁੰਡੇ ਜਾਨੋਂ ਪਿਆਰੇ 'ਲਾਲੀ ' ।
ਧੀਆਂ ਕਿਉਂ ਨਾ ਜਰਦੇ ਬੰਦੇ ॥
 

Thanks For visiting my blog.

" ਗ਼ਜ਼ਲ"


" ਗ਼ਜ਼ਲ"

ਸੂਰਜ, ਚੰਦਾ ,ਤਾਰੇ ਵੇਖੇ ।
ਸਭ ਦੇ ਰੰਗ ਨਿਆਰੇ ਵੇਖੇ ॥

ਆਪੋ ਅਪਣੀ ਖੈਰ ਮਨਾਉਂਦੇ ।
ਸਾਰੇ ਥੱਕੇ, ਹਾਰੇ ਵੇਖੇ ॥

ਪਿਆਰ 'ਚ ਉਸਦੇ ਵੇਖੇ ਜਦ ਜਦ ।
ਕਸਮਾਂ , ਵਾਦੇ , ਲਾਰੇ ਵੇਖੇ ॥

ਰਿਸ਼ਤੇ ਵੀ ਨੇ ਪਾਣੀ ਵਰਗੇ ।
ਫੋਕੇ ,ਮਿੱਠੇ ,ਖਾਰੇ ਵੇਖੇ ॥

ਮਿਹਨਤ ਕਸ਼ ਲੋਕਾਂ ਦੇ ਹਿੱਸੇ ।
ਕੱਚੇ ਕੋਠੇ , ਢਾਰੇ ਵੇਖੇ ॥

ਇਸ਼ਕ਼ ਨੇ ਮੱਝਾਂ ਵੀ ਚਰਵਾਈਆਂ।
ਪਿਆਰ 'ਚ ਤਖ਼ਤ ਹਜਾਰੇ ਵੇਖੇ ॥

ਪਲ ਪਲ ਰੰਗ ਬਦਲਦਾ 'ਲਾਲੀ'।
ਕੌਤਕ ਉਸ ਦੇ ਸਾਰੇ ਵੇਖੇ ॥
 

Thanks For visiting my blog.

ਪੱਤਿਆਂ ਵਿਚੋਂ ਪੱਤਾ ਟੁੱਟਾ

ਪੱਤਿਆਂ ਵਿਚੋਂ ਪੱਤਾ ਟੁੱਟਾ
ਡਿੱਗਾ ਵਿਚ ਵਿਚਾਲੇ
ਨਾ ਹੀ ਉਸਨੂੰ ਧਰਤੀ ਥੰਮਿਆ
ਨਾ ਹੀ ਹਵਾ ਸੰਭਾਲੇ .....ਲਾਲੀ
 
Thanks For visiting my blog.