Sep 23, 2012

ਕੋਈ ਐਸੀ ਰਮਜ਼ ਸਿਖਾ ................!!!


ਕੀ ਸੁਣਿਆ ਸਖੀਓ ਮੈਂ ਨੀ ....
ਸੁਣ ਕੇ ਹੁੰਦੀ ਏ ਟੁੱਟ ਭੱਜ
ਨੀ ਮੈਨੂ ਹੱਸਣਾ ਕੋਈ ਦੱਸ ਦੇ
ਮੈਨੂ ਰੋਵਣ ਦਾ ਨਾ ਚੱਜ ...

ਨੀ ਮੇਰੇ ਦਿਲ ਦੇ ਅੰਦਰੇ ਕਿਧਰੇ
ਕੋਈ ਉਠਦੀ ਸੁੱਕੀ ਪੀੜ
ਮੇਰਾ ਸ਼ਾਲੂ ਨੀਲਾ ਹੋ ਗਿਆ
ਵਿਚ ਸੂਲਾਂ ਦਿੱਤੀਆਂ ਬੀੜ

ਕਰੋ ਹੀਲਾ , ਕਰੋ ਵਸੀਲਾ ਨੀ
ਨੀ ਜਾਵੋ ਲਭੋ ਕੋਈ ਦਰਵੇਸ਼
ਹਰ ਪਾਸੇ ਬਿਰਹਾ ਉਡਦਾ
ਮੇਰੀ ਚਲਦੀ ਨਹੀਂ ਓ ਪੇਸ਼ .....

ਕੋਈ ਪਾਵੇ ਠੱਲ ਇਸ ਪੀੜ ਨੂੰ
ਉੱਤੇ ਪਾਣੀ ਦੇਵੇ ਤਰੋੰਕ
ਪਲ ਪਲ ਮੈਨੂ ਖਾਵਂਦੀ
ਜਿਵੇਂ ਲੱਗੀ ਕੋਈ ਸਿਓਂਕ

ਹਰ ਰਾਤ ਕੁਲੇਹਿਣੀ ਲੱਗਦੀ ਹੈ
ਹਰ ਦਿਨ ਪਿਆ ਮੈਨੂ ਘੂਰੇ ਵੇ
ਮਾਰ ਹਾਕਾਂ ਵੀ ਮੈਂ ਹੰਭ ਗਈ ਆ
ਚਲਾ ਗਿਆ ਤੂੰ ਇੰਨਾ ਦੂਰੇ ਵੇ

ਕਿਤੋਂ ਤੋ ਆ ਕੇ ਸੋਹਣਿਆ
ਇੱਕ ਵਾਰੀ ਫੇਰਾ ਪਾ
ਮਰ ਕੇ ਜੀਣਾ ਸਿਖ੍ਲਾਂ
ਕੋਈ ਐਸੀ ਰਮਜ਼ ਸਿਖਾ ...
ਵੇ...............ਕੋਈ ਐਸੀ ਰਮਜ਼ ਸਿਖਾ ................!!!
 

Thanks For visiting my blog.

ਗ਼ਜ਼ਲ


ਗ਼ਜ਼ਲ

ਰੰਗ ਬਰੰਗੀ ਦੁਨੀਆ ਤੇਰੀ ।
ਓਧਰ ਜਲਦੀ , ਏਧਰ ਦੇਰੀ ॥1

ਤੂਫਾਨਾਂ ਵਿਚ ਸਾਥੀ ਸਨ ਜੋ ।
ਆਪ ਉਨ੍ਹਾ ਸੀ ਕਿਸ਼ਤੀ ਘੇਰੀ ॥2

ਥੋੜੇ ਸ਼ਬਦਾਂ ਵਿੱਚ ਨਬੇੜੀ ।
ਐਵੇਂ ਨਾ ਕਰ , ਗੱਲ ਲੰਮੇਰੀ॥ 3

ਪੁੱਤ ਜਦੋਂ ਦੇ ਘਰ ਨੂੰ ਭੁੱਲੇ ।
ਮਾਵਾਂ ਜਾਵਣ ਹੰਝੂ ਕੇਰੀ ॥4

ਕੋਲ ਕਦੇ ਤਾਂ ਆ ਬਹਿ ਸਜਣਾ।
ਮੈਂ ਕਰਲਾਂ ਕੁਝ ਸੁਹਬਤ ਤੇਰੀ ॥5

ਸਭ ਕੁਝ ਇਥੇ ਰਹਿ ਜਾਵੇਗਾ ।
ਕਿਉਂ ਕਰਦਾ ਤੂੰ ਮੇਰੀ ਮੇਰੀ ॥6

ਹਿੰਮਤ ਕਰਕੇ ਤੁਰ ਪੈ 'ਲਾਲੀ '
ਕਦ ਤਕ ਢਾਵੇਂਗਾ ਤੂੰ ਢੇਰੀ ॥7

Ⓒਰਾਜ ਲਾਲੀ ਸ਼ਰਮਾ
 

Thanks For visiting my blog.

"ਗ਼ਜ਼ਲ"


"ਗ਼ਜ਼ਲ"

ਚਾਰ ਚੁਫੇਰੇ ਹਲਚਲ ਹੋਵੇ ।
ਕੋਈ ਹੱਸੇ , ਕੋਈ ਰੋਵੇ ॥

ਭਾਰੇ ਨੇ ਜੀਵਨ ਦੇ ਬੋਰੇ ।
ਰੋ ਰੋ ਵੀ ਉਹ ਜਾਈ ਢੋਵੇ ॥

ਖਸਮਾਂ ਨੂੰ ਖਾਵੇ ਉਹ ਲੋਕੋ ।
ਦੁਖ ਵੇਲੇ ਜੋ ਦੂਰ ਖਲੋਵੇ ॥

ਕਿਰਦਾ ਕਿਰਦਾ ਸੁਕ ਜਾਂਦਾ ਹੈ ।
ਹੰਝੂ ਜੋ ਅੱਖਾਂ ਚੌਂ ਚੋਵੇ ॥

ਤੇਰੇ ਪਿਆਰ ਦੀ ਸਹੁੰ ਹੈ ਯਾਰਾ ।
ਮੈਥੋਂ ਦੂਰੀ ਝੱਲ ਨਾ ਹੋਵੇ ॥

ਮਨ ਦੇ ਦਾਗ ਕਦੇ ਨਾ ਮਿਟਦੇ
ਮਲ ਮਲ , ਭਾਵੇਂ ਜਿੰਨਾ ਧੋਵੇ ॥

ਮਿਲ ਕੇ ਉਹ ਜਾਵੇ ਜਦ 'ਲਾਲੀ' ।
ਮਿਲਣੇ ਦੀ ਮੁੜ ਇੱਛਾ ਹੋਵੇ ॥
 
Thanks For visiting my blog.