Sep 23, 2012

"ਕਵਿਤਾ "


"ਕਵਿਤਾ "


ਜਦ ਵੀ ਕਵਿਤਾ ਪੜਦਾ ਕੋਈ

ਅੰਦਰ ਖਾਤੇ ਲੜਦਾ ਕੋਈ


ਤੱਕੇ ਬਸ ਹੁਣ ਚਾਰ ਚੁਫੇਰਾ

ਖੁਦ ਅੰਦਰ ਨਾ ਵੜਦਾ ਕੋਈ



ਗਜ਼ਲਾਂ ,ਨਜ਼ਮਾਂ ਤੇ ਕਵਿਤਾਵਾਂ

ਦਿਲ ਵਾਲਾ ਹੀ ਪੜਦਾ ਕੋਈ



ਕਵਿਤਾ ਲਿਖਣੀ ਢਾਡੀ ਔਖੀ

ਚੁਣ ਚੁਣ ਅੱਖਰ ਜੜਦਾ ਕੋਈ


ਭੀੜ ਬਣੇ ਜਦ ਲੋਕਾਂ ਉੱਤੇ

ਜਿਗਰੇ ਵਾਲਾ ਖੜਦਾ ਕੋਈ



ਯਾਰ ਬੁਰੇ ਤੋਂ ਦੁਸ਼ਮਨ ਚੰਗਾ

ਦੋਸ਼ ਕਿਸੇ ਸਿਰ ਮੜਦਾ ਕੋਈ


ਮੁਰਸ਼ਿਦ ਦਾ ਲੜ ਫੜ ਕੇ ਲਾਲੀ

ਪੌੜੀ ਪੌੜੀ ਚੜਦਾ ਕੋਈ
 

Thanks For visiting my blog.

"ਲਕੀਰਾਂ "


"ਲਕੀਰਾਂ "
ਏਨਾ ਸੌਖਾ ਤਾਂ ਨਹੀਂ 
ਹੁੰਦਾ ਲਕੀਰਾਂ ਦੇ ਵਿਚ ਤੁਰਨਾ 
ਪਹਿਲੀ ਲਕੀਰ ਵਿਚ ਵੜ ਕੇ 
ਤੇ ਫਿਰ ਅਖੀਰ ਤੇ ਜਾ ਕੇ 
ਅਗਲੀ ਲਕੀਰ ਵਿਚ 
ਵੜਨਾ ,ਫਿਰ ਉਸ ਲਕੀਰ ਵਿਚ 
ਹੀ ਤੁਰਨਾ , ਇੰਨਾ ਸੌਖਾ ਤਾਂ ਨਹੀਂ !
ਕਦੇ ਕਦੇ ਲਕੀਰਾਂ ਮਿਟਾਉਣ 
ਨੂੰ ਜੀ ਕਰਦਾ ਹੈ ਤੇ 
ਫਿਰ ਸੋਚਦਾ ਹਾਂ ਕਿ ਜੇ ਲਕੀਰਾਂ 
ਦੇ ਹੋਣ ਤੇ ਤੁਰਨਾ ਇੰਨਾ ਸੌਖਾ ਨਹੀਂ 
ਤਾਂ ਬਿਨਾ ਲਕੀਰਾਂ ਤੋਂ 
ਤੁਰਨਾ ,,,ਵੀ ਤਾਂ ਸੌਖਾ 
ਨਹੀਂ ਹੋਵੇਗਾ .....
ਲਾਲੀ 9/11/2012


Thanks For visiting my blog.

Aug 22, 2012

" ਗ਼ਜ਼ਲ"

" ਗ਼ਜ਼ਲ"

ਤੁਰਿਆਂ ਜੇ ਸਫਰ ਤੇ ਤੂੰ ਚਾਹਾਂ ਦੇ ਕਰਕੇ ।
ਮੰਜਿਲ ਤੋਂ ਨਾ ਭਟਕੀ ਰਾਹਾਂ ਦੇ ਕਰਕੇ ॥

ਫਾਂਸੀ ਤੇ ਚੜਨਾ ਤਾਂ ਹਸ ਹਸ ਕੇ ਚੜਨਾ ।
ਹਿੰਮਤ ਨਾ ਹਾਰੀੰ ਤੂੰ ਸਾਹਾਂ ਦੇ ਕਰਕੇ ॥

ਸੂਰਜ ਤਾਂ ਵੰਡੇ ਸਭ ਨੂੰ ਧੁੱਪ 
ਬਰਾਬਰ  ।

ਸਾਡੇ ਘਰ ਨਾ ਪੁਜਦੀ ਸ਼ਾਹਾਂ ਦੇ ਕਰਕੇ ॥

ਮੰਜਿਲ ਦੇ ਕੋਲੋਂ ਉਹ ਮੁੜਿਆ ਹਰ ਵਾਰੀ ।
ਪਿੱਛੋਂ ਸੁਣ ਰਹੀਆਂ ਕੁਝ ਆਹਾਂ ਦੇ ਕਰਕੇ॥

ਚਿੰਗਾਰੀ ਸੀ ਅਪਣੀ ਪਿਆਰ ਕਹਾਣੀ ਜੋ।
ਭਾਂਬੜ ਹੋ ਨਿਬ੍ਹੜੀ ਅਫਵਾਹਾਂ ਦੇ ਕਰਕੇ ॥

ਸ਼ਾਇਦ ਮੈਂ ਫੜ ਲੈਂਦਾ ਬਾਂਹ ਤੇਰੀ ਸਜਣਾ ।
ਡਰਿਆ ਸੀ ਮੈਂ ਚੰਦ ਨਿਗਾਹਾਂ ਦੇ ਕਰਕੇ ॥

ਮਾੜਾ ਸੀ ਬੰਦਾ ਹੁਣ' ਬਾਬਾ ' ਹੈ ਬਣਿਆ ।
ਮੰਦਿਰ , ਮਸਜਿਦ ਤੇ ਦਰਗਾਹਾਂ ਦੇ ਕਰਕੇ ॥

ਬਦਨੀਤ ਅਗਰ ਹੁੰਦੇ ਗਮ ਨਾ ਹੋਣਾ ਸੀ ।
ਡੁੱਬੇ ਬੇੜੇ ਨੇਕ ਮਲਾਹਾਂ ਦੇ ਕਰਕੇ ॥

'ਲਾਲੀ' ਤੇਰਾ ਸੱਚ ਅਦਾਲਤ ਦੇ ਅੰਦਰ ।
ਹਰਿਆ ਝੂਠੇ ਚੰਦ ਗਵਾਹਾਂ ਦੇ ਕਰਕੇ॥