Sep 23, 2012

"ਨਜ਼ਮ -ਆਜ਼ਾਦੀ "

"ਨਜ਼ਮ -ਆਜ਼ਾਦੀ "
ਉਹ ਕਿਸੇ ਮਰਮਰੀ ਅੰਗ ਵਰਗੀ 
ਅਸੀਂ ਕੱਜਲ ਸਿਆਹ ਤੇ ਖਾਕ ਜੇਹੇ 
ਅਸੀਂ ਹੰਢੇ ਵਰਤੇ ਵਕਤਾਂ ਦੇ 
ਉਹ ਕੋਰੀ ਪਵਿੱਤਰ ਪਾਕ ਜੇਹੀ 

ਉਹ ਤੁਰਦੀ ਜਦ ਤਾਂ ਵਕਤਾਂ ਦੇ
ਪੈਰਾਂ ਵਿਚ ਬੇੜੀ ਪਾ ਦੇਵੇ
ਇੱਕ ਭੈੜੀ ਨਿਗਾਹ ਲੁਟੇਰੇ ਦੀ
ਕਿਸੇ ਚੰਦਰੇ ਮਾੜੇ ਸਾਕ ਜੇਹੀ

ਅਸੀਂ ਪਾ ਜੰਜੀਰਾਂ ਜੰਮੇ ਜੀ
ਸਾਡੀ ਪੁੱਛੇ ਕਿਹੜਾ ਬਾਤ ਇੱਥੇ
ਉਹ ਵੱਸਦੀ ਕਿਧਰੇ ਹੋਰ ਰਹੀ
ਅਸੀਂ ਲੱਭਦੇ ਰਹੇ ਦਿਨ ਰਾਤਇੱਥੇ

ਕੁਝ ਪਾਗਲ ਕੀਤਾ ਸਮਿਆਂ ਨੇ
ਕੁਝ ਅਸੀਂ ਸ਼ੁਧਾਈ ਹੋਏ ਹਾਂ
ਉਹ ਲੰਘਦੇ ਰਹੇ ਲਿਤਾੜ ਸਾਨੂੰ
ਉਂਝ ਸਾਡੀ ਮਾਨਸ ਜਾਤ ਇੱਥੇ

ਅਸੀਂ ਰਹਿਣਾ ਚਾਹੀਏ ਬੰਧਨਾਂ ਚ
ਹੈ ਢਾਡਾ ਹੀ ਕਮਾਲ ਇੱਥੇ
ਉਹ ਢਾਹੁੰਦੇ ਰਹੇ , ਅਸੀਂ ਡਿੱਗਦੇ ਰਹੇ
ਹੈ ਸਮੇਂ ਦੀ ਟੇਢੀ ਚਾਲ ਇੱਥੇ

ਜਾਂ ਅਸੀਂ ਹੀ ਹਾਂ ਕਮਜ਼ੋਰ ਬੜੇ
ਜਾਂ ਉਹ ਹੀ ਜ਼ਾਲਿਮ ਬਾਹਲੇ ਨੇ
ਜੇ ਉਹਨਾਂ ਤੇ ਕੋਈ ਜ਼ੁਲਮ ਕਰੇ
ਅਸੀਂ ਬਣਦੇ ਰਹੇ ਹਾਂ ਢਾਲ ਇੱਥੇ

ਸਾਨੂੰ ਰੋਟੀ ਤੋਂ ਹੀ ਵੇਹਲ ਨਹੀਂ
ਉਹ ਲੁੱਟਣ ਚ ਮਸਰੂਫ ਰਹੇ
ਕਦ ਤੀਕ ਇਹ ਚੱਕਰ ਚਲੂਗਾ
ਲੰਘੇ ਦਿਨ ਮਹੀਨਾ ਸਾਲ ਇੱਥੇ

ਆਓ ਤੁਰੀਏ ਸਾਰੇ ਰਲ ਕੇ ਜੀ
ਉਸਨੂੰ ਫਿਰ ਮੋੜ ਲਿਆਈਏ ਜੀ
ਫਿਰ ਕਰੀਏ ਲੋਕਾ ਅਰਪਣ ਜੀ
ਫਿਰ ਕਰੀਏ ਕੋਈ ਕਮਾਲ ਇੱਥੇ
ਲਾ


Thanks For visiting my blog.

"ਫਿਰ ਜੀ ਕਰੇ "


"ਫਿਰ ਜੀ ਕਰੇ "

ਫਿਰ ਜੀ ਕਰੇ
ਮੈਂ ਆਪਣੇ ਪਿੰਡ...
ਘਰ ਦੇ ਬਾਹਰ
ਤੂਤ ਦੀ ਛਾਵੇਂ
ਸ਼ਿਖਰ ਦੁਪਿਹਰੇ
ਟੁੱਟੀ ਜਿਹੀ ਮੰਜੀ ਉੱਤੇ
ਜਿਹਦੀ ਪੈੰਦ ਵੀ ਢਿੱਲੀ
ਹੋ ਗਈ ਹੋਵੇ
ਆਪਣੇ ਸਿਰ ਥੱਲੇ ਬਾਂਹ ਰਖ ਕੇ
ਘੂਕ ਸੁੱਤਾ ਪਿਆ ਹੋਵਾਂ ......
ਤੇ ਨੇੜਿਓਂ ਹੀ ਕੋਈ ਬੰਦਾ
ਸਾਇਕਲ ਤੋਂ ਬਿਨਾ ਉੱਤਰੇ
ਥੱਲੇ ਪੈਰ ਲਾ ਕੇ ..
ਘੰਟੀ ਮਾਰ ਕੇ ਮੈਨੂੰ ਪੁਛੇ
"ਭਾਉ , ਮਾਸਟਰਾਂ ਦਾ ਘਰ ਕਿਹੜਾ ?"
 

Thanks For visiting my blog.

ਗ਼ਜ਼ਲ


ਗ਼ਜ਼ਲ
ਜ਼ੁਲਮ ਤਸ਼ਦੱਦ ਜਰਦਾ ਬੰਦਾ ।
ਨਾ ਜਿਉਂਦਾ ਨਾ ਮਰਦਾ ਬੰਦਾ ॥
ਉਂਝ ਤਾਂ ਬਣਿਆ ਫਿਰਦਾ ਮਾਲਿਕ ।
ਕਿਸ ਮਾਲਿਕ ਤੋਂ ਡਰਦਾ ਬੰਦਾ ॥
ਬਣ ਜਾਂਦਾ ਜੋ ਦਰਸ਼ਕ ਏਥੇ ।
ਨਾ ਜਿਤਦਾ ਨਾ ਹਰਦਾ ਬੰਦਾ ॥
ਮਾੜੇ ਦੀ ਇਹ ਬਾਤ ਨਾ ਪੁੱਛੇ ।
ਤਕੜੇ ਕੋਲੋਂ ਡਰਦਾ ਬੰਦਾ ॥
ਢਿੱਡ ਕਿਸੇ ਦਾ ਭਰ ਨਾ ਸਕਦਾ ।
ਬੈਂਕਾ ਨੂੰ ਹੈ ਭਰਦਾ ਬੰਦਾ ॥
ਬੰਦੇ ਦਾ ਜੇ ਬੰਦਾ ਦਾਰੂ ।
ਮਾੜੇ ਤੇ ਕਿਉਂ ਵਰਦਾ ਬੰਦਾ ॥
ਮੇਰੇ ਨਾਲ ਦਗਾ ਜਿਸ ਕੀਤਾ ।
ਮੇਰਾ ਸੀ ਉਹ ਘਰ ਦਾ ਬੰਦਾ ॥
ਸਰਦਾ ਨਾ ਉਸ ਕੋਲੋਂ ਕੁਝ ਵੀ ।
ਉਂਝ ਤਾ ਬਣਦਾ ਸਰਦਾ ਬੰਦਾ ॥
ਠਰਦਾ ਹੈ ਤਾਂ ਬਸ ਅੰਦਰ ਦੇ ।
ਪਾਲੇ ਕੋਲੋਂ ਠਰਦਾ ਬੰਦਾ ॥
ਪੂਜਾ ਵੀ 'ਤੇ ਲੁੱਟਾਂ ਖੋਹਾਂ ।
ਕੀ ਕੀ ਕਾਰੇ ਕਰਦਾ ਬੰਦਾ ॥
ਸਭ ਕੁਝ ਏਥੇ ਰਹਿ ਜਾਣਾ ਪਰ ।
ਮੇਰੀ ਮੇਰੀ ਕਰਦਾ ਬੰਦਾ ॥
ਕਤਲ ਕਰੇ ਜੋ ਮਾਨਵਤਾ ਦਾ ।
ਇਕ ਦਿਨ ਖੁਦ ਵੀ ਮਰਦਾ ਬੰਦਾ ॥
ਲਾਲੀ ਨੂੰ ਬਸ ਭਾਊਂਦਾ ਹੈ ਜੋ ।
ਸੀਸ ਤਲੀ 'ਤੇ ਧਰਦਾ ਬੰਦਾ ॥
 

Thanks For visiting my blog.