Sep 23, 2012

ਗ਼ਜ਼ਲ


ਗ਼ਜ਼ਲ
ਜ਼ੁਲਮ ਤਸ਼ਦੱਦ ਜਰਦਾ ਬੰਦਾ ।
ਨਾ ਜਿਉਂਦਾ ਨਾ ਮਰਦਾ ਬੰਦਾ ॥
ਉਂਝ ਤਾਂ ਬਣਿਆ ਫਿਰਦਾ ਮਾਲਿਕ ।
ਕਿਸ ਮਾਲਿਕ ਤੋਂ ਡਰਦਾ ਬੰਦਾ ॥
ਬਣ ਜਾਂਦਾ ਜੋ ਦਰਸ਼ਕ ਏਥੇ ।
ਨਾ ਜਿਤਦਾ ਨਾ ਹਰਦਾ ਬੰਦਾ ॥
ਮਾੜੇ ਦੀ ਇਹ ਬਾਤ ਨਾ ਪੁੱਛੇ ।
ਤਕੜੇ ਕੋਲੋਂ ਡਰਦਾ ਬੰਦਾ ॥
ਢਿੱਡ ਕਿਸੇ ਦਾ ਭਰ ਨਾ ਸਕਦਾ ।
ਬੈਂਕਾ ਨੂੰ ਹੈ ਭਰਦਾ ਬੰਦਾ ॥
ਬੰਦੇ ਦਾ ਜੇ ਬੰਦਾ ਦਾਰੂ ।
ਮਾੜੇ ਤੇ ਕਿਉਂ ਵਰਦਾ ਬੰਦਾ ॥
ਮੇਰੇ ਨਾਲ ਦਗਾ ਜਿਸ ਕੀਤਾ ।
ਮੇਰਾ ਸੀ ਉਹ ਘਰ ਦਾ ਬੰਦਾ ॥
ਸਰਦਾ ਨਾ ਉਸ ਕੋਲੋਂ ਕੁਝ ਵੀ ।
ਉਂਝ ਤਾ ਬਣਦਾ ਸਰਦਾ ਬੰਦਾ ॥
ਠਰਦਾ ਹੈ ਤਾਂ ਬਸ ਅੰਦਰ ਦੇ ।
ਪਾਲੇ ਕੋਲੋਂ ਠਰਦਾ ਬੰਦਾ ॥
ਪੂਜਾ ਵੀ 'ਤੇ ਲੁੱਟਾਂ ਖੋਹਾਂ ।
ਕੀ ਕੀ ਕਾਰੇ ਕਰਦਾ ਬੰਦਾ ॥
ਸਭ ਕੁਝ ਏਥੇ ਰਹਿ ਜਾਣਾ ਪਰ ।
ਮੇਰੀ ਮੇਰੀ ਕਰਦਾ ਬੰਦਾ ॥
ਕਤਲ ਕਰੇ ਜੋ ਮਾਨਵਤਾ ਦਾ ।
ਇਕ ਦਿਨ ਖੁਦ ਵੀ ਮਰਦਾ ਬੰਦਾ ॥
ਲਾਲੀ ਨੂੰ ਬਸ ਭਾਊਂਦਾ ਹੈ ਜੋ ।
ਸੀਸ ਤਲੀ 'ਤੇ ਧਰਦਾ ਬੰਦਾ ॥
 

Thanks For visiting my blog.

No comments:

Post a Comment