Sep 23, 2012

" ਗ਼ਜ਼ਲ"

" ਗ਼ਜ਼ਲ"

ਤੁਰਿਆਂ ਜੇ ਸਫਰ ਤੇ ਤੂੰ ਚਾਹਾਂ ਦੇ ਕਰਕੇ ।
ਮੰਜਿਲ ਤੋਂ ਨਾ ਭਟਕੀ ਰਾਹਾਂ ਦੇ ਕਰਕੇ ॥

ਫਾਂਸੀ ਤੇ ਚੜਨਾ ਤਾਂ ਹਸ ਹਸ ਕੇ ਚੜਨਾ ।
ਹਿੰਮਤ ਨਾ ਹਾਰੀੰ ਤੂੰ ਸਾਹਾਂ ਦੇ ਕਰਕੇ ॥

ਸੂਰਜ ਤਾਂ ਵੰਡੇ ਸਭ ਨੂੰ ਧੁੱਪ ਪਰੰਤੂ ।
ਸਾਡੇ ਘਰ ਨਾ ਪੁਜਦੀ ਸ਼ਾਹਾਂ ਦੇ ਕਰਕੇ ॥

ਮੰਜਿਲ ਦੇ ਕੋਲੋਂ ਉਹ ਮੁੜਿਆ ਹਰ ਵਾਰੀ ।
ਪਿੱਛੋਂ ਸੁਣ ਰਹੀਆਂ ਕੁਝ ਆਹਾਂ ਦੇ ਕਰਕੇ॥

ਚਿੰਗਾਰੀ ਸੀ ਅਪਣੀ ਪਿਆਰ ਕਹਾਣੀ ਜੋ।
ਭਾਂਬੜ ਹੋ ਨਿਬ੍ਹੜੀ ਅਫਵਾਹਾਂ ਦੇ ਕਰਕੇ ॥

ਸ਼ਾਇਦ ਮੈਂ ਫੜ ਲੈਂਦਾ ਬਾਂਹ ਤੇਰੀ ਸਜਣਾ ।
ਡਰਿਆ ਸੀ ਮੈਂ ਚੰਦ ਨਿਗਾਹਾਂ ਦੇ ਕਰਕੇ ॥

ਮਾੜਾ ਸੀ ਬੰਦਾ ਹੁਣ' ਬਾਬਾ ' ਹੈ ਬਣਿਆ ।
ਮੰਦਿਰ , ਮਸਜਿਦ ਤੇ ਦਰਗਾਹਾਂ ਦੇ ਕਰਕੇ ॥

ਬਦਨੀਤ ਅਗਰ ਹੁੰਦੇ ਗਮ ਨਾ ਹੋਣਾ ਸੀ ।
ਡੁੱਬੇ ਬੇੜੇ ਨੇਕ ਮਲਾਹਾਂ ਦੇ ਕਰਕੇ ॥

'ਲਾਲੀ' ਤੇਰਾ ਸੱਚ ਅਦਾਲਤ ਦੇ ਅੰਦਰ ।
ਹਰਿਆ ਝੂਠੇ ਚੰਦ ਗਵਾਹਾਂ ਦੇ ਕਰਕੇ॥


Thanks For visiting my blog.

No comments:

Post a Comment